ਸੀਬੀਐੱਸਈ ਪੈਟਰਨ ਦੀ ਪੜਾਈ ਦੇ ਨਾਲ ਨਾਲ ਗੁਰਮਤਿ ਗਿਆਨ ਦਾ ਦਾਨ ਵੀ ਮੁਫਤ : ਖਾਲਸਾ
ਮੁਫਤ ਪੜਾਈ ਮੁਹੱਈਆ ਕਰਵਾਉਣ ਵਾਲੇ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਕੋਟਕਪੂਰਾ, 16 ਮਈ :- ਨੇੜਲੇ ਪਿੰਡ ਜਲਾਲੇਆਣਾ ਵਿਖੇ ਸਮਾਜਸੇਵੀ ਰਜਿੰਦਰ ਸਿੰਘ ਬਰਾੜ ਦੀ ਰਿਹਾਇਸ਼ ਵਿੱਚ ਪਿਛਲੇ 3 ਸਾਲਾਂ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵਲੋਂ ਚਲਾਈ ਜਾ ਰਹੀ ‘ਗੁਰੂ ਨਾਨਕ ਅਕੈਡਮੀ’ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਪੰਜ ਪਿਆਰਿਆਂ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ਼ ਵਿੱਚ ਰੱਖਿਆ ਗਿਆ। ਪਿੰਡ ਦੇ ਉਤਸ਼ਾਹੀ ਨੌਜਵਾਨ ਰੁਪਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਨਗਰ ਵਾਸੀਆਂ ਨੇ ਭਾਈ ਦਾਨ ਸਿੰਘ ਟਰੱਸਟ ਬਣਾ ਕੇ ਦੋ ਏਕੜ ਜਮੀਨ ਦਾ ਪ੍ਰਬੰਧ ਕੀਤਾ ਗਿਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਵੇਗੀ, ਜਿਸ ਦੀ ਦੇਖ ਰੇਖ ਟਰੱਸਟ ਕਰੇਗਾ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਨੂੰ ਇਕ ਰੁਪਏ ਲੀਜ ’ਤੇ 10-10 ਸਾਲ ਲਈ ਦੇਵੇਗਾ। ਭਾਈ ਜਸਵਿੰਦਰ ਸਿੰਘ ਖਾਲਸਾ (ਯੂ.ਕੇ. ਵਾਲੇ) ਨੇ ਆਖਿਆ ਕਿ ਉਹ ਅਧਿਆਪਕਾਂ ਸਮੇਤ ਹੋਰ ਸਟਾਫ ਅਤੇ ਬੱਚਿਆਂ ਦਾ ਸਾਰਾ ਖਰਚਾ ਮੁਹੱਈਆ ਕਰਵਾਵੇਗਾ। ਉਹਨਾਂ ਆਖਿਆ ਕਿ ਬੱਚਿਆਂ ਤੋਂ ਸਿਰਫ ਸਾਬਿਤ ਸੂਰਤ (ਸਿੱਖੀ ਸਰੂਪ) ਦੀ ਫੀਸ ਲੈ ਕੇ ਸੀਬੀਐਸਈ ਪੈਟਰਨ ਦੀ ਪੜਾਈ ਦੇ ਨਾਲ ਨਾਲ ਗੁਰਮਤਿ ਗਿਆਨ ਦਾ ਦਾਨ ਵੀ ਮੁਫਤ ਵੰਡਿਆ ਜਾਵੇਗਾ। ਉਹਨਾਂ ਪੰਜਾਬ ਤੋਂ ਯੂ.ਕੇ. ਜਾਣ, ਵਿਦੇਸ਼ ਵਿੱਚ ਨੌਕਰੀ ਜਾਂ ਰੁਜਗਾਰ ਨਾ ਮਿਲਣ, ਕਿਸੇ ਵੱਲੋਂ ਕੇਸ ਕਟਾਉਣ ਦੀ ਪੇਸ਼ਕਸ਼ ਕਰਕੇ ਨੌਕਰੀ ਦੇਣ, ਆਪਣੇ ਅਕੀਦੇ ’ਤੇ ਕਾਇਮ ਰਹਿ ਕੇ ਕਾਮਯਾਬ ਹੋ ਕੇ ਦਿਖਾਉਣ, ਅੱਜ ਉਸਦੇ ਕਾਰੋਬਾਰ ਵਿੱਚ 100 ਤੋਂ ਜਿਆਦਾ ਅੰਗਰੇਜ ਨੌਕਰੀ ਕਰਨ ਵਰਗੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਗੁਰੂ ਸਾਡੇ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ, ਬਸ ਸਾਨੂੰ ਵਿਸ਼ਵਾਸ਼ ਕਰਨਾ ਚਾਹੀਦਾ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੇ ਭਾਈ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਸਮੇਤ ਸਮੂਹ ਪ੍ਰਬੰਧਕਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਪਣੀ ਨਿੱਜੀ ਜੇਬ ਵਿੱਚੋਂ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ। ਉਪਰੰਤ ਹੋਰ ਵੀ ਸੱਜਣਾ ਨੇ ਨਗਦ ਰਾਸ਼ੀ ਤੋਂ ਇਲਾਵਾ ਇਮਾਰਤ ਲਈ ਸੀਮਿੰਟ, ਸਰੀਆ, ਬੱਜਰੀ, ਇੱਟਾਂ, ਰੇਤਾ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਸਬੰਧੀ ਆਪੋ ਆਪਣੇ ਨਾਮ ਲਿਖਵਾਏ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਭਰ ਦੀਆਂ ਅਨੇਕਾਂ ਧਾਰਮਿਕ ਸ਼ਖਸ਼ੀਅਤਾਂ ਭਾਰੀ ਗਿਣਤੀ ਵਿੱਚ ਹਾਜਰ ਸਨ।