ਵਿਧਾਇਕ ਨੇ ਆਪ ਟ੍ਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ
ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 81 ਮੁਲਾਜ਼ਮ ਵੱਖ-ਵੱਖ ਪਿੰਡਾਂ ਵਿੱਚ ਕਲੱਸਟਰ ਅਫਸਰ ਨਿਯੁਕਤ – ਡਾ. ਰੂਹੀ ਦੁੱਗ
ਫਰੀਦਕੋਟ 18 ਮਈ – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਮਿਸ਼ਨ ਤਹਿਤ ਬਲਾਕ ਫਰੀਦਕੋਟ ਦੇ ਪਿੰਡ ਅਰਾਈਆਂਵਾਲਾ ਕਲਾਂ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕੇ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਖੇਤੀਬਾੜੀ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਵਿਧਾਇਕ ਹਲਕਾ ਫਰੀਦਕੋਟ ਸ਼੍ਰੀ ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਧਰਤੀ ਹੇਠਲੇ ਪਾਣੀ ਅਤੇ ਮਜ਼ਦੂਰੀ ਦਾ ਖਰਚਾ ਘਟਾਉਣ ਅਤੇ ਇਸ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਰ ਮਸਲੇ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਸ ਮੌਕੇ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ, ਭੂਮੀ ਰੱਖਿਆ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਬਾਗਬਾਨੀ ਵਿਭਾਗ ਦੇ 81 ਮੁਲਾਜ਼ਮ ਵੱਖ-ਵੱਖ ਪਿੰਡਾਂ ਵਿੱਚ ਬਤੌਰ ਕਲੱਸਟਰ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਅੰਦਾਜਨ 1,14,000 ਹੈਕਟੇਅਰ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿਚ ਡੀ.ਐਸ.ਆਰ. ਅਧੀਨ 40,000 ਹੈਕਟੇਅਰ ਰਕਬੇ ਦਾ ਟੀਚਾ ਨਿਰਧਾਰਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ।
ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਸਕੀਮ ਅਧੀਨ ਜੋ ਕਿਸਾਨ ਇਸ ਤਕਨੀਕ ਨਾਲ ਝੋਨੇ ਅਤੇ ਬਾਸਮਤੀ ਦੀ ਸਿਧੀ ਬਿਜਾਈ ਕਰੇਗਾ ਉਸ ਨੂੰ ਸਰਕਾਰ ਵਲੋਂ 1500/ – ਰੁਪੈ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਯਾਦਵਿੰਦਰ ਸਿੰਘ, ਏ.ਡੀ.ਓ ਨੇ ਸਾਰੇ ਕਿਸਾਨਾਂ ਨੂੰ ਇਸ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਸੁਖਦੀਪ ਸਿੰਘ, ਏ.ਐਸ.ਆਈ ਨੇ ਸਟੇਜ ਸੱਕਤਰ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ ਇਸ ਤਕਨੀਕ ਨਾਲ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ।
ਇਸ ਦੌਰਾਨ ਆਪ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਆਪ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਇਸ ਖੇਤ ਦਿਵਸ ਪ੍ਰੋਗਰਾਮ ਵਿੱਚ ਸ਼੍ਰੀ, ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ, ਇੰਜ਼, ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ (ਟਿਊਬਵੈਲਜ਼), ਸ੍ਰੀ. ਰਮਨਦੀਪ ਸੰਧੂ, ਏ.ਡੀ.ਓ. ਇੰਜ਼. ਅਕਸ਼ਿਤ ਜੈਨ, ਸਹਾਇਕ ਖੇਤੀਬਾੜੀ ਇੰਜਨੀਅਰ ਨੇ ਵੀ ਭਾਗ ਲਿਆ ਅਤੇ ਕਿਸਾਨ ਸ. ਜਤਿੰਦਰ ਸਿੰਘ ਸੰਧੂ ਕਿਸਾਨ ਸ੍ਰੀ ਚਰਨਜੀਤ ਸਿੰਘ, ਸ੍ਰੀ ਗੁਰਬਾਜ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿੱਚ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਕੀਤੇ ਸਵਾਲਾਂ ਦੇ ਤਸਲੀਬਖਸ਼ ਜਵਾਬ ਦਿੱਤੇ ਗਏ ਅਤੇ ਡੀ.ਐਸ.ਆਰ. ਤਕਨੀਕ ਸਬੰਧੀ ਲਿਟਰੇਚਰ ਦੀ ਵੀ ਵੰਡ ਕੀਤੀ ਗਈ।