Breaking- ਮੁਲਾਜ਼ਮ ਦੀ ਐਕਸੀਡੈਂਟ ’ਚ ਹੋਈ ਮੌਤ ਤੋਂ ਬਾਅਦ ਬੈਂਕ ਨੇ ਪਰਿਵਾਰ ਨੂੰ 30 ਲੱਖ ਰੁਪਏ ਦਾ ਦਿੱਤਾ ਚੈੱਕ
ਅੰਮ੍ਰਿਤਸਰ, 7 ਜੁਲਾਈ – (ਪੰਜਾਬ ਡਾਇਰੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਭਾਈ ਨਰਿੰਦਰ ਸਿੰਘ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਤੋਂ ਬਾਅਦ HDFC ਬੈਂਕ ਵੱਲੋਂ ਉਨ੍ਹਾਂ ਦੀ ਪਤਨੀ ਬੀਬੀ ਸਰਬਜੀਤ ਕੌਰ ਨੂੰ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ 30 ਲੱਖ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਬੈਂਕ ਵੱਲੋਂ ਸੈਲਰੀ ਅਕਾਊਂਟ ’ਤੇ ਐਕਸੀਡੈਂਟ ਬੀਮਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨਾਲ ਵਾਪਰੀ ਦੁਖਦਾਈ ਘਟਨਾ ਭਾਵੇਂ ਪਰਿਵਾਰ ਲਈ ਨਾ-ਸਹਿਣਯੋਗ ਘਾਟਾ ਹੁੰਦਾ ਹੈ, ਪਰ ਅਜਿਹੇ ਸਮੇਂ ਪਰਿਵਾਰ ਨੂੰ ਮਿਲੀ ਸਹਾਇਤਾ ਸਹਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭਾਈ ਨਰਿੰਦਰ ਸਿੰਘ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ, ਰਾਣਵਾਂ ਵਿਖੇ ਡਿਊਟੀ ਨਿਭਾਉਂਦਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਚਡੀਐਫਸੀ ਬੈਂਕ ਬ੍ਰਾਂਚ ਗੋਲਡਨ ਟੈਂਪਲ ਦਾ ਭਾਈ ਨਰਿੰਦਰ ਸਿੰਘ ਦੇ ਪਰਿਵਾਰ ਨੂੰ ਚੈੱਕ ਦੇਣ ’ਤੇ ਧੰਨਵਾਦ ਕੀਤਾ।