Breaking- ਪੰਜਾਬ ਪੁਲਿਸ ਨੇ ਕੈਦੀ ਦੀ ਪਿੱਠ ਤੇ ਗੈਂਗਸਟਰ ਲਿਖ ਕੇ ਬਦਸਲੂਕੀ ਦਾ ਸਬੂਤ ਪੇਸ਼ ਕੀਤਾ
ਜਲੰਧਰ, 18 ਅਗਸਤ: ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਭੈੜੀ ਕਰਤੂਤ ਸਾਹਮਣੇ ਆਈ ਹੈ । ਇਹ ਉਦੋਂ ਹੋਇਆ ਜਦੋਂ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਕੈਦੀ ਨੇ ਕਪੂਰਥਲਾ ਸੈਸ਼ਨ ਕੋਰਟ ‘ਚ ਆਪਣੀ ਕਮੀਜ਼ ਲਾਹ ਦਿੱਤੀ। ਗਰਮ ਰਾਡ ਨਾਲ ਕੈਦੀ ਦੀ ਪਿੱਠ ‘ਤੇ ਜ਼ਬਰਦਸਤੀ ਗੈਂਗਸਟਰ ਲਿਖਿਆ ਗਿਆ ਸੀ। ਪੰਜਾਬ ਪੁਲਿਸ ਦੇ ਇਸ ਤਰ੍ਹਾਂ ਦੇ ਭੈੜੇ ਸਲੂਕ ਨੂੰ ਦੇਖ ਕੇ ਜਿੱਥੇ ਜੱਜ ਹੱਕੇ-ਬੱਕੇ ਰਹਿ ਗਏ ਉੱਥੇ ਹੀ ਕੋਰਟ ਰੂਮ ‘ਚ ਮੌਜੂਦ ਹਰ ਕੋਈ ਹੈਰਾਨ ਹੋ ਗਿਆ।
ਜਿਸ ਮਗਰੋਂ ਕੈਦੀ ਦੀ ਅਪੀਲ ’ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਥਾਣਾ ਢਿਲਵਾਂ ਵਿਖੇ ਸਾਲ 2017 ਵਿੱਚ ਐਫਆਈਆਰ ਨੰਬਰ 23 ਅਧੀਨ ਸਬੰਧੀ ਮੁਲਜ਼ਮ ਤਰਸੇਮ ਸਿੰਘ ਉਰਫ਼ ਜੋਧਾ ਤੇ ਹੋਰਨਾਂ ਖ਼ਿਲਾਫ਼ ਲੁੱਟ ਦੀ ਯੋਜਨਾ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ 20 ਅਗਸਤ ਨੂੰ ਕੈਦੀ ਦੀ ਮੈਡੀਕਲ ਰਿਪੋਰਟ ਸੌਂਪੀ ਜਾਵੇਗੀ। ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਕ ਰਿਪੋਰਟ ਤਿਆਰ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।