Breaking- ਖੇਡਾਂ ਵਤਨ ਪੰਜਾਬ ਦੀਆਂ 2022, ਨਹਿਰੂ ਸਟੇਡੀਅਮ ਫਰੀਦਕੋਟ , ਕੋਟਕਪੂਰਾ ਦੇ ਪਿੰਡ ਹਰੀ ਨੌ ਅਤੇ ਜੈਤੋ ਦੇ ਪਿੰਡ ਬਰਗਾੜੀ ਵਿਖੇ ਹੋਣਗੇ ਬਲਾਕ ਪੱਧਰੀ ਖੇਡ ਮੁਕਾਬਲੇ- ਡਾ. ਰੂਹੀ ਦੁੱਗ
25 ਅਗਸਤ 2022 ਤੱਕ ਕਰਵਾਈ ਜਾ ਸਕਦੀ ਹੈ ਆਨਲਾਈਨ/ਆਫਲਾਈਨ ਰਜਿਸਟਰੇਸ਼ਨ- ਜ਼ਿਲ੍ਹਾ ਖੇਡ ਅਫਸਰ
ਰਜਿਸਟਰੇਸ਼ਨ ਲਈ ਜਿਲਾ ਪੱਧਰੀ ਹੈਲਪ ਲਾਈਨ ਨੰਬਰ 84376-58825 ਤੇ ਸੰਪਰਕ ਕੀਤਾ ਜਾ ਸਕਦਾ ਹੈ
ਫਰੀਦਕੋਟ, 24 ਅਗਸਤ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ 29 ਅਗਸਤ ਤੋਂ ਸੂਬੇ ਭਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਨਾਂ ਹੇਠ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਤਹਿਤ ਬਲਾਕ ਫਰੀਦਕੋਟ ਦੇ ਖੇਡ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਬਲਾਕ ਕੋਟਕਪੂਰਾ ਦੇ ਖੇਡ ਮੁਕਾਬਲੇ ਪਿੰਡ ਹਰੀ ਨੌ ਵਿਖੇ ਅਤੇ ਬਲਾਕ ਜੈਤੋ ਦੇ ਖੇਡ ਮੁਕਾਬਲੇ ਪਿੰਡ ਬਰਗਾੜੀ ਵਿਖੇ ਮਿਤੀ 01/09/2022 ਤੋਂ ਮਿਤੀ 06/09/2022 ਤੱਕ ਕਰਵਾਏ ਜਾਣਗੇ, ਜਿਸ ਲਈ ਰਜਿਸਟਰੇਸ਼ਨ 25 ਅਗਸਤ, 2022 ਤੱਕ ਜਾਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ-14 (ਲੜਕੇ ਤੇ ਲੜਕੀਆਂ), ਅੰਡਰ-17 (ਲੜਕੇ ਤੇ ਲੜਕੀਆਂ), ਅੰਡਰ-21 (ਲੜਕੇ ਤੇ ਲੜਕੀਆਂ), 21 ਤੋਂ 40 ਸਾਲ (ਓਪਨ ਵਰਗ), 50 ਸਾਲ ਤੋਂ ਵੱਧ (ਓਪਨ ਵਰਗ) ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਖੇਡ ਵਿਭਾਗ ਪੰਜਾਬ ਦੇ ਪੋਰਟਲ www.punjabkhedmela2022.in ’ਤੇ ਆਨਲਾਈਨ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ 41 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਦੇ ਵਰਗ ਵਿੱਚ ਕੇਵਲ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ 6, ਜਿਲ੍ਹਾ ਪੱਧਰੀ ਖੇਡਾਂ ਵਿੱਚ 22 ਅਤੇ ਰਾਜ ਪੱਧਰੀ ਖੇਡਾਂ ਵਿੱਚ 28 ਕਿਸਮ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉੱਤੇ ਖੇਡ ਮੇਲਾ 01 ਸਤੰਬਰ 2022 ਤੋਂ ਲੈ ਕੇ 07 ਸਤੰਬਰ 2022 ਤੱਕ ਆਯੋਜਿਤ ਕੀਤਾ ਜਾਵੇਗਾ, ਜ਼ਿਲ੍ਹਾ ਪੱਧਰ ਉੱਤੇ 12 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ , ਰਾਜ ਪੱਧਰ ਉੱਤੇ 11 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਇਹ ਮੇਲਾ ਹੋਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਮਿਤੀ 25 ਅਗਸਤ 2022 ਤੱਕ ਕਰਵਾਈ ਜਾ ਸਕਦੀ ਹੈ।
ਜ਼ਿਲ੍ਹਾ ਖੇਡ ਅਫਸਰ ਸ੍ਰੀ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਫਲਾਈਨ ਐਂਟਰੀ ਲਈ ਖਿਡਾਰੀ ਆਪਣਾ ਪ੍ਰੋਫਾਰਮਾ ਦਫਤਰ ਜਿਲ੍ਹਾ ਖੇਡ ਅਫਸਰ ਫਰੀਦਕੋਟ ਦੇ ਦਫਤਰ ਨਹਿਰੂ ਸਟੇਡੀਅਮ ਤੋਂ ਪ੍ਰਾਪਤ ਕਰਕੇ ਆਪਣੇ ਸਕੂਲ ਪ੍ਰਿੰਸੀਪਲ/ਸਰਪੰਚ/ਐੱਮ.ਸੀ /ਕਲੱਬ ਪ੍ਰਧਾਨ ਪਾਸੋ ਤਸਦੀਕ ਕਰਵਾ ਕੇ ਖੇਡ ਵਿਭਾਗ ਫਰੀਦਕੋਟ ਦੇ ਦਫਤਰ ਵਿਖੇ ਜਮ੍ਹਾ ਕਰਵਾਇਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਸਥਾਨ ਤੇ ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਅਧਾਰ ਕਾਰਡ, ਜਨਮ ਸਰਟੀਫਿਕੇਟ, ਸਕੂਲ ਵੱਲੋਂ ਸਬੂਤ ਨਾਲ ਲੈ ਕੇ ਆਉਣ। ਟੂਰਨਾਮੈਂਟ ਸਥਾਨ ਤੇ ਪਹੁੰਚਣ ਲਈ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਜਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੇ ਸ਼ਡਿਊਲ ਸਬੰਧੀ ਵੱਖਰੇ ਤੌਰ ਤੇ ਜਾਣਕਾਰੀ ਦੇ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਜਿਲਾ ਹੈਲਪ ਲਾਈਨ ਨੰਬਰ 84376-58825 ਤੇ ਸੰਪਰਕ ਕੀਤਾ ਜਾ ਸਕਦਾ ਹੈ।