ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੀ ਰਿਲੀਜ਼ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਹੁਕਮ, CBFC ਨੂੰ 14 ਦਿਨਾਂ ਵਿੱਚ ਫ਼ੈਸਲਾ ਕਰਨ ਦੇ ਨਿਰਦੇਸ਼
ਪਟੀਸ਼ਨ ਵਿੱਚ ਕਿਹਾ ਗਿਆ ਕਿ ਫਿਲਮ 29 ਮਈ 2026 ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋ ਚੁੱਕੀ ਹੈ, ਪਰ ਭਾਰਤ ਵਿੱਚ ਅਜੇ ਤੱਕ CBFC ਵੱਲੋਂ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਕਾਰਨ ਇਸ ਦੀ ਰਿਲੀਜ਼ ਰੁਕੀ ਹੋਈ ਹੈ।

ਚੰਡੀਗੜ੍ਹ
ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੀ ਭਾਰਤ ਵਿੱਚ ਰਿਲੀਜ਼ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਨਿਰਦੇਸ਼ ਦਿੱਤਾ ਹੈ ਕਿ ਪਹਿਲੇ ਸੱਤ ਦਿਨਾਂ ਅੰਦਰ ਰਿਵਾਈਜ਼ਿੰਗ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਅਗਲੇ ਸੱਤ ਦਿਨਾਂ ਵਿੱਚ ਫਿਲਮ ਦੇ ਸਰਟੀਫਿਕੇਸ਼ਨ ਅਤੇ ਰਿਲੀਜ਼ ਸਬੰਧੀ ਫ਼ੈਸਲਾ ਲਿਆ ਜਾਵੇ।
ਇਹ ਮਾਮਲਾ ਫਿਲਮ ਨਿਰਮਾਤਾ ਕੰਪਨੀ MAD4FILMS ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਹਾਈਕੋਰਟ ਦੇ ਸਾਹਮਣੇ ਪਹੁੰਚਿਆ। ਪਟੀਸ਼ਨ ਵਿੱਚ ਕਿਹਾ ਗਿਆ ਕਿ ਫਿਲਮ 29 ਮਈ 2026 ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋ ਚੁੱਕੀ ਹੈ, ਪਰ ਭਾਰਤ ਵਿੱਚ ਅਜੇ ਤੱਕ CBFC ਵੱਲੋਂ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਕਾਰਨ ਇਸ ਦੀ ਰਿਲੀਜ਼ ਰੁਕੀ ਹੋਈ ਹੈ।
CBFC ਨੇ ਫਿਲਮ ਦੀ ਸਮੱਗਰੀ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਇਸ ਨਾਲ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਅਸਰ ਪੈ ਸਕਦਾ ਹੈ। ਇਸ ਕਾਰਨ ਫਿਲਮ ਨੂੰ ਰਿਵਾਈਜ਼ਿੰਗ ਕਮੇਟੀ ਕੋਲ ਭੇਜਿਆ ਗਿਆ, ਪਰ ਕਮੇਟੀ ਦੀ ਮੀਟਿੰਗ ਨਾ ਹੋਣ ਕਰਕੇ ਹੁਣ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਜਾ ਸਕਿਆ।
ਫਿਲਮ ਵਿੱਚ ਮਸ਼ਹੂਰ ਅਦਾਕਾਰ ਐਮੀ ਵਿਰਕ ਅਤੇ ਰੂਪੀ ਗਿੱਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇੱਕ ਸੰਵੇਦਨਸ਼ੀਲ ਵਿਸ਼ੇ ‘ਤੇ ਆਧਾਰਿਤ ਹੈ।
ਪਟੀਸ਼ਨ ਵਿੱਚ ਫਿਲਮ ਨਿਰਮਾਤਾਵਾਂ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ CBFC ਨੂੰ ਜਲਦੀ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਫਿਲਮ ਨੂੰ ਭਾਰਤ ਵਿੱਚ ਵੀ ਰਿਲੀਜ਼ ਕੀਤਾ ਜਾ ਸਕੇ।
ਹਾਈਕੋਰਟ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ ਫਿਲਮ ਦੇ ਸਰਟੀਫਿਕੇਸ਼ਨ ਅਤੇ ਭਾਰਤ ਵਿੱਚ ਰਿਲੀਜ਼ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਜਾਵੇਗੀ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


