Breaking-ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਗਰੀਨ ਦੀਵਾਲੀ ਮਨਾ ਕੇ ਲਗਾਈਆਂ ਰੌਣਕਾਂ
ਵੱਖ-ਵੱਖ ਨਾਮਵਰ ਹਸਤੀਆਂ ਨੂੰ ਪੌਦੇ ਵੰਡ ਕੇ ਦਿੱਤਾ ਗ੍ਰੀਨ ਦੀਵਾਲੀ ਦਾ ਸੁਨੇਹਾ
ਫਰੀਦਕੋਟ, 22 ਅਕਤੂਬਰ – (ਪੰਜਾਬ ਡਾਇਰੀ) ਬਾਬਾ ਫ਼ਰੀਦ ਜੀ ਦੀ ਅਪਾਰ ਰਹਿਮਤ ਅਤੇ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਵੱਡਮੁੱਲੀ ਰਹਿਨੁਮਾਈ ਹੇਠ ਚੱਲ ਰਹੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਪ੍ਰਿੰਸੀਪਲ, ਕੋਆਰਡੀਨੇਟਰਜ਼, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿੱਚ ਪੌਦੇ ਲਗਾ ਕੇ ਅਤੇ ਸ਼ਹਿਰ ਅਤੇ ਇਲਾਕੇ ਦੀਆਂ ਵੱਖ-ਵੱਖ ਨਾਮਵਰ ਹਸਤੀਆਂ ਨੂੰ ਪੌਦੇ ਵੰਡ ਕੇ ਹਰੀ-ਭਰੀ ਅਤੇ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ।
ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਦਾ ਖ਼ੂਬਸੂਰਤ ਸੁਨੇਹਾ ਦੇਣ ਲਈ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੁਆਰਾ ਇਲਾਕੇ ਦਾ ਦੌਰਾ ਕਰਦਿਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਪੌਦੇ ਵੰਡ ਕੇ ਇਸ ਪਾਵਨ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ । ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਸਕੂਲ ਕੈਂਪਸ ਵਿੱਚ ਵੱਖ-ਵੱਖ ਤਰਾਂ ਦੇ ਪੌਦੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਆਪਣੀਆਂ ਜਮਾਤਾਂ ਦੇ ਕਮਰਿਆਂ ਨੂੰ ਵੇਸਟ ਮਟੀਰੀਅਲ ਨਾਲ ਸਜਾ ਕੇ ਅਤੇ ਰੰਗੋਲੀ ਬਣਾ ਕੇ ਸਕੂਲ ਕੈਂਪਸ ਵਿੱਚ ਗਰੀਨ ਦੀਵਾਲੀ ਮਨਾਈ ਗਈ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਂ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਿਉਹਾਰ ਨੂੰ ਮਨਾਉਣ ਲਈ ਪ੍ਰਦੂਸ਼ਣ ਪੈਦਾ ਕਰਨਾ ਚੰਗੀ ਗੱਲ ਨਹੀਂ । ਦੀਵਾਲੀ ਸਮੁੱਚੇ ਦੇਸ਼ ਵਿੱਚ ਸਮੂਹ ਭਾਈਚਾਰਿਆਂ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਣ ਵਾਲਾ ਪਾਵਨ ਤਿਉਹਾਰ ਹੈ । ਇਤਿਹਾਸਕ ਮਹੱਤਤਾ ਵਾਲਾ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ, ਏਕਤਾ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਦਾ ਸੁਨੇਹਾ ਦਿੰਦਾ ਹੈ । ਸਿੱਖ ਭਾਈਚਾਰੇ ਵਿੱਚ ਇਸ ਦਿਵਸ ਨੂੰ ‘ਬੰਦੀ ਛੋੜ ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦ ਵੀ ਇਹ ਤਿਉਹਾਰ ਸਾਫ਼-ਸੁਥਰੇ ਤਰੀਕੇ ਨਾਲ ਮਨਾਈਏ ਅਤੇ ਆਪਣੇ ਬੱਚਿਆਂ ਨੂੰ ਵੀ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰੀਏ । ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ‘ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੋਰਨਾਂ ਲੋਕਾਂ ਲਈ ਵੀ ਇੱਕ ਮਿਸਾਲ ਬਣਨਾ ਚਾਹੀਦਾ ਹੈ । ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਖ਼ਾਲਸਾ ਜੀ ਵੱਲੋਂ ਸਾਰੇ ਸਪੋਟਿੰਗ ਸਟਾਫ ਨੂੰ ਦੀਵਾਲੀ ਦੇ ਤੋਹਫੇ ਵੀ ਵੰਡੇ ਗਏ ਤੇ ਉਹਨਾਂ ਨੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬਾਬਾ ਫ਼ਰੀਦ ਜੀ ਅੱਗੇ ਅਰਦਾਸ ਕੀਤੀ ਕਿ ਇਹ ਤਿਓਹਾਰ ਸਭ ਦੀ ਜ਼ਿੰਦਗੀ ਨੂੰ ਰੌਸ਼ਨ ਕਰੇ ਅਤੇ ਗਿਆਨ ਦੇ ਦੀਵਿਆਂ ਸੰਗ ਸਭ ਦੇ ਮਨ-ਮਸਤਕ ਵੀ ਰੌਸ਼ਨ ਹੋਣ।