ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲੋਕ ਮਾਰੂ ਨੀਤੀਆਂ ਉੱਪਰ ਚੱਲ ਰਹੀ ਹੈ-ਜਗਜੀਤ ਸਿੰਘ ਡੱਲੇਵਾਲ
ਫਰੀਦਕੋਟ, 26 ਅਪ੍ਰੈਲ (ਪੰਜਾਬ ਡਾਇਰੀ) – ਪੰਜਾਬ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਦੇ ਸਾਇਲੋਜ ਨੂੰ ਮੰਡੀ ਘੋਸ਼ਿਤ ਕਰਨ ਦੇ ਫੈਸਲੇ ਵਿਰੁੱਧ 28 ਅਪ੍ਰੈਲ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਜਥੇਬੰਦੀਆਂ ਦੀ ਫਰੀਦਕੋਟ ਵਿਖੇ ਹੋਈ ਮੀਟਿੰਗ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੈਟਰ ਸਰਕਾਰ ਦੇ ਰਾਹਾਂ ਉਤੇ ਚੱਲਦੇ ਹੋਏ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਅਤੇ ਕਿਸਾਨਾ ਨੂੰ ਮਾਰਨ ਤੇ ਮਜਦੂਰਾ ਦੇ ਚੁੱਲ੍ਹਿਆਂ ਉੱਪਰ ਰੋਟੀ ਪਕਾਉਦੀ ਅੱਗ ਬੁਝਾਉਣ ਅਤੇ ਮਜ਼ਦੂਰਾਂ ਦੇ ਮੂੰਹ ਤੋਂ ਰੋਟੀ ਦਾ ਨਿਵਾਲਾ ਖੋਹਣ ਦੀਆ ਲੋਕ ਮਾਰੂ ਨੀਤੀਆਂ ਉੱਪਰ ਚੱਲਿਆ ਜਾ ਰਿਹਾ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁੱਝੀਆਂ ਸਾਜਿਸ਼ਾਂ ਅਧੀਨ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਨ ਲਈ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਲਈ ਅਤੇ ਸੈਂਟਰ ਸਰਕਾਰ ਦੇ ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨਾ ਨੂੰ ਲਾਗੂ ਕਰਵਾਉਣ ਲਈ ਕਾਰਪੋਰੇਟ ਘਰਾਣਿਆਂ ਦੇ ਸਾਇਲੋਜ਼ ਨੂੰ ਲੁਕਵੇਂ ਢੰਗ ਨਾਲ ਮੰਡੀ ਵੱਜੋ ਨੋਟੀਫਾਈਡ ਕੀਤਾ ਗਿਆ ਹੈ ਅਤੇ ਇਹ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾ ਤੇ ਡਾਕਾ ਮਾਰਨ ਦੀ ਨੀਅਤ ਨਾਲ ਲਿਆ ਗਿਆ ਫੈਸਲਾ ਹੈ ਜਿਸ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ,ਮਜ਼ਦੂਰ ਜਥੇਬੰਦੀਆਂ,ਫਰੀਦਕੋਟ ਅਨਾਜ ਮੰਡੀ ਯੂਨੀਅਨ,ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਫੂਡ ਐਂਡ ਅਲਾਈਡ ਵਰਕਰ ਯੂਨੀਅਨ,ਪੇਂਟਰ ਯੂਨੀਅਨ,ਟਰੱਕ ਆਪ੍ਰੇਟਰ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੰਦੇ ਹੋਏ ਜੋ ਫਰੀਦਕੋਟ ਵਿਖੇ ਕਾਰਪੋਰੇਟ ਘਰਾਣੇ ਨੂੰ ਸਾਇਲੋਜ਼ ਲਗਾਉਣ ਲਈ ਮਨਜੂਰੀ ਦਿੱਤੀ ਗਈ ਹੈ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਉਹ ਸਾਈਲੋਜ਼ ਲੱਗਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਸਰਕਾਰੀ ਮੰਡੀਆਂ ਤੋਂ ਲੱਖਾਂ ਕਿਸਾਨਾਂ ਅਤੇ ਮਜਦੂਰ ਵੀਰਾਂ ਦੇ ਘਰਾਂ ਦਾ ਗੁਜ਼ਾਰਾ ਚਲਦਾ ਹੈ ਜਿੱਥੋਂ ਉਹ ਚਾਰ ਪੈਸੇ ਕਮਾ ਕੇ ਆਪਣੇ ਜੀਵਨ ਦਾ ਨਿਰਬਾਹ ਕਰ ਰਹੇ ਹਨ ਪ੍ਰੰਤੂ ਸਰਕਾਰਾਂ ਵੱਲੋਂ ਕਾਰਪੋਰੇਟ ਪੱਖੀ ਅਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੰਦੇ ਹੋਏ ਇਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਫੈਸਲਾ ਲਿਆ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿੱਛਲੇ ਸਾਲ ਸਰਕਾਰ ਵੱਲੋਂ ਮੋਗਾ ਵਿਖੇ ਸਥਿਤ ਇੱਕ ਸਾਇਲੋਜ਼ ਨੂੰ ਮੰਡੀ ਵੱਜੋਂ ਨੋਟੀਫ਼ਾਈਡ ਕਰਨ ਨਾਲ ਹੀ ਲਗਭਗ 30 ਮੰਡੀਆਂ ਬੰਦ ਹੋ ਗਈਆਂ ਸਨ ਜਿੱਥੋਂ ਹਜ਼ਾਰਾਂ ਮਜ਼ਦੂਰ ਵੀਰਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਸਰਕਾਰ ਦੇ ਸਿਰਫ਼ ਇੱਕ ਸਾਇਲੋਜ ਨੂੰ ਮੰਡੀ ਐਲਾਨਣ ਨਾਲ ਹੀ ਹਜ਼ਾਰਾਂ ਮਜ਼ਦੂਰ ਵੀਰ ਅਤੇ ਟਰੱਕ ਚਾਲਕ,ਟ੍ਰੈਕਟਰ ਚਾਲਕ ਵੀਰ ਬੇਰੁਜ਼ਗਾਰ ਹੋ ਗਏ ਸਨ ਪ੍ਰੰਤੂ ਸਰਕਾਰ ਵੱਲੋਂ ਆਪਣੇ ਇਹਨਾਂ ਲੋਕ ਮਾਰੂ ਫੈਸਲਿਆਂ ਉੱਪਰ ਰੋਕ ਲਗਾਉਣ ਦੀ ਬਜਾਏ ਇਸ ਸਾਲ ਕਾਰਪੋਰੇਟ ਘਰਾਣਿਆਂ ਦੇ ਹੋਰ ਸਾਇਲੋਜ਼ ਨੂੰ ਵੀ ਮੰਡੀ ਵਜੋਂ ਨੋਟੀਫਾਈਡ ਕਰ ਦਿੱਤਾ ਗਿਆ ਹੈ ਜਿਸ ਨਾਲ਼ ਲੱਗਭਗ 300 ਮੰਡੀਆਂ ਹੋਰ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਗਈਆਂ ਹਨ ਅਤੇ ਹਜ਼ਾਰਾਂ ਮਜ਼ਦੂਰ ਵੀਰਾ, ਟਰੈਕਟਰ ਟਰੱਕ ਚਾਲਕ ਵੀਰਾ ਅਤੇ ਹੋਰ ਅਣਗਿਣਤ ਲੋਕਾਂ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮੰਡੀਆਂ ਵਿਚ ਕੰਮ ਕਰ ਕੇ ਚਲਦਾ ਸੀ ਉਨ੍ਹਾਂ ਨੂੰ ਸਰਕਾਰ ਵੱਲੋਂ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ l ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 13 ਮਹੀਨੇ 13 ਦਿਨ ਦਿੱਲੀ ਦੇ ਬਾਰਡਰਾ ਉੱਪਰ ਕਿਸਾਨਾ ਅਤੇ ਹਰ ਇੱਕ ਵਰਗ ਵੱਲੋ ਆਪਣੀ ਹੋਂਦ ਦੀ ਲੜਾਈ ਸਮਝ ਕੇ ਅੰਦੋਲਨ ਲੜਿਆ ਗਿਆ ਸੀ ਉਹਨਾਂ ਵਿੱਚੋਂ ਹੀ ਇੱਕ ਕਨੂੰਨ ਸਰਕਾਰੀ ਮੰਡੀ ਦੇ ਬਰਾਬਰ ਬਾਹਰ ਇੱਕ ਪ੍ਰਾਈਵੇਟ ਮੰਡੀ ਸਥਾਪਤ ਕਰਨ ਦਾ ਕਾਨੂੰਨ ਸੀ ਜਿਸ ਜਿਸ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਲੁਕਵੇਂ ਢੰਗ ਨਾਲ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗਲਬਾਤ ਕਰਦਿਆਂ ਦੱਸਿਆ ਕਿ ਜਦੋਂ ਸਰਕਾਰੀ ਮੰਡੀਆਂ ਹੀ ਬੰਦ ਹੋ ਜਾਣਗੀਆਂ ਤਾਂ ਹੈ ਕਾਰਪੋਰੇਟ ਘਰਾਣਿਆਂ ਵੱਲੋਂ ਆਪਣੀ ਮਨ ਮਰਜੀ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ ਕੀਤੀ ਜਾਵੇਗੀ ਅਤੇ ਇਹ ਕਾਰਪੋਰੇਟ ਘਰਾਣਿਆਂ ਵੱਲੋਂ ਅਨਾਜ ਨੂੰ ਆਪਣੇ ਕੋਲ ਵੇਚਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਕਿਸਾਨ ਮਜ਼ਦੂਰ ਵਿਰੋਧੀ ਅਤੇ ਲੋਕ ਮਾਰੂ ਫੈਸਲੇ ਨੂੰ ਰੱਦ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਉੱਤੇ ਦਬਾਅ ਬਣਾਉਣ ਲਈ ਸਾਰੀਆਂ ਜਥੇਬੰਦੀਆਂ ਵੱਲੋਂ 28 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਮੋਗਾ, ਫਰੀਦਕੋਟ,ਸੰਗਰੂਰ,ਬਰਨਾਲਾ,ਪਟਿਆਲਾ,ਗੁਰਦਾਸਪੁਰ ਅਤੇ ਮਲੇਰਕੋਟਲਾ ਜ਼ਿਲ੍ਹਿਆ ਦੇ ਮੰਡੀ ਬੋਰਡ ਦੇ ਜ਼ਿਲ੍ਹਾ ਅਫਸਰਾਂ ਦੇ ਦਫ਼ਤਰਾਂ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਘਰਾਓ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ: ਪ੍ਰਧਾਨ ਪ੍ਰਵੀਨ ਪੱਪੀ, ਵਾਇਸ ਪ੍ਰਧਾਨ ਮੋਹਣ ਲਾਲ,ਗੁਰਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ,ਪ੍ਰਧਾਨ ਮੰਗਾ ਸਿੰਘ ,ਰਾਜੂ ਸਿੰਘ ਸੈਕਟਰੀ,ਅਮਨਦੀਪ ਟਿਟੂ ਟਰੱਕ ਯੂਨੀਅਨ ਪ੍ਰਧਾਨ, ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਫਰੀਦਕੋਟ bku ਸਿੱਧੂਪੁਰ,ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਸੁਖਚਰਨ ਸਿੰਘ ਨਥਨ ਵਾਲਾ ਬਲਾਕ ਪ੍ਰਧਾਨ ਗੋਲੇਵਾਲਾ ਆਦਿ ਆਗੂ ਹਾਜ਼ਰ ਸਨ।