ਅਦਾਲਤ ਨੇ ਪੰਜਾਬੀ ਗਾਇਕ ਚਮਕੀਲਾ ਦੀ ਬਾਇਓਪਿਕ ’ਤੇ ਲੱਗੀ ਰੋਕ ਹਟਾਈ
ਲੁਧਿਆਣਾ, 10 ਮਈ (ਪੰਜਾਬੀ ਜਾਗਰਣ)- ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਮਿਤ ਮੱਕੜ ਦੀ ਅਦਾਲਤ ਨੇ ਪੰਜਾਬੀ ਗਾਇਕ ਸਵ. ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ’ਤੇ ਕਿਸੇ ਵੀ ਤਰ੍ਹਾਂ ਦੀ ਬਾਇਓਪਿਕ (ਫਿਲਮ) ਬਣਾਉਣ ਤੇ ਪ੍ਰਸਾਰਣ ’ਤੇ ਲੱਗੀ ਰੋਕ ਹਟਾ ਦਿੱਤੀ। ਰਿਲਾਇੰਸ ਇੰਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਤੇ ਪੰਜਾਬੀ ਗਾਇਕ ਸਵ. ਅਮਰ ਸਿੰਘ ਚਮਕੀਲਾ ’ਤੇ ਬਾਇਓਪਿਕ ਬਣਾਈ ਸੀ। ਇਸ ਆਦੇਸ਼ ਨਾਲ ਫਿਲਮ ਦੀ ਰਿਲੀਜ਼ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸਦੇ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇਸ ਤੋਂ ਪਹਿਲਾਂ 22 ਮਾਰਚ ਨੂੰ ਨਿਰਮਾਤਾ ਸਵ. ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਤੇ ਸੰਜੋਤ ਰੰਧਾਵਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਰਿਲਾਇੰਸ ਇੰਟਰਟੇਨਮੈਂਟ ਨੇ ਇਸ ਦਾਅਵੇ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਉਨ੍ਹਾਂ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਮਾਮਲਾ ਸਿਵਲ ਕੋਰਟ ਸਾਹਮਣੇ ਚਲਾਉਣ ਯੋਗ ਨਹੀਂ ਸੀ। ਇਹ ਵਣਜ ਅਦਾਲਤ ਵੱਲੋਂ ਵਿਸ਼ੇਸ਼ ਤੌਰ ’ਤੇ ਵਿਚਾਰਯੋਗ ਸੀ। ਇਸ ਤੋਂ ਇਲਾਵਾ ਇਹ ਦਲੀਲ ਦਿੱਤੀ ਗਈ ਕਿ ਪਟੀਸ਼ਨਕਰਤਾਵਾਂ ਦੇ ਕੇਸ ਮੁਤਾਬਕ ਉਨ੍ਹਾਂ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਨਾਲ ਐਗਰੀਮੈਂਟ ਕੀਤਾ ਸੀ। ਉੱਥੇ ਗਾਇਕ ਦੀਆਂ ਦੋ ਬੇਟੀਆਂ ਹਨ। ਜਾਇਜ਼ ਕਾਨੂੰਨ ਵਾਰਿਸ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ। ਇਸ ਤੋਂ ਇਲਾਵਾ ਪਟੀਸ਼ਨਕਰਤਾ ਨੇ ਅਮਰਜੋਹ ਕੌਰ ਦੇ ਬੇਟੇ ਦੀ ਸਹਿਮਤੀ ਨਹੀਂ ਲਈ। ਆਖ਼ਰ, ਅਖੌਤੀ ਕਰਾਰ ਆਪਣੇ ਆਪ ’ਚ ਜਾਇਜ਼ ਨਹੀਂ ਸੀ।