ਲੌਂਗੋਵਾਲ ਵਿਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ; 18 ਕਿਸਾਨਾਂ ਤੇ 35 ਅਣਪਾਛਿਆਂ ਵਿਰੁਧ FIR ਦਰਜ
ਸੰਗਰੂਰ, 22 ਅਗਸਤ (ਰੋਜਾਨਾ ਸਪੋਕਸਮੈਨ)- ਜ਼ਿਲ੍ਹੇ ਦੇ ਲੌਂਗੋਵਾਲ ਇਲਾਕੇ ਵਿਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੇ ਸਬੰਧ ਵਿਚ ਥਾਣਾ ਲੌਂਗੋਵਾਲ ਦੀ ਪੁਲਿਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਵਿਰੁਧ ਇਰਾਦਾ-ਏ-ਕਤਲ, ਡਿਊਟੀ ਵਿਚ ਵਿਘਨ ਪਾਉਣ, ਕੁੱਟਮਾਰ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਝੜਪ ਦੌਰਾਨ ਇਕ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ।
ਐਸ.ਐਚ.ਓ. ਥਾਣਾ ਲੌਂਗੋਵਾਲ ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਅਪਣੇ ਬਿਆਨ ਵਿਚ ਲਿਖਿਆ ਕਿ ਕਈ ਕਿਸਾਨਾਂ ਵਲੋਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਵੱਡੀ ਗਿਣਤੀ ਵਿਚ ਕਿਸਾਨ ਵੱਖ-ਵੱਖ ਸਾਧਨਾਂ ਉਤੇ ਪੁੱਜੇ ਹੋਏ ਸਨ। ਉਦੋਂ ਪੁਲਿਸ ਮੌਕੇ ’ਤੇ ਮੌਜੂਦ ਸੀ।
ਇਸ ਦੌਰਾਨ ਕੁੱਝ ਕਿਸਾਨ ਲੋਕਾਂ ਨੂੰ ਨਾਕਾ ਤੋੜ ਕੇ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਉਕਸਾਉਂਦੇ ਨਜ਼ਰ ਆਏ, ਜਿਸ ਤੋਂ ਬਾਅਦ ਇਕ ਟਰੈਕਟਰ-ਟਰਾਲੀ ਨਾਕਾ ਤੋੜ ਕੇ ਅੱਗੇ ਨਿਕਲ ਗਈ। ਇਸ ਘਟਨਾ ‘ਚ ਕਈ ਕਰਮਚਾਰੀ ਜ਼ਖਮੀ ਹੋ ਗਏ, ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।