ਨਸ਼ਿਆਂ ਦੀ ਬੁਰਾਈ ਦੇ ਮੁਕੰਮਲ ਖਾਤਮੇ ਲਈ ਪੁਲਿਸ ਦਾ ਮਿਲੇਗਾ ਪੂਰਾ ਸਹਿਯੋਗ : ਐੱਸ.ਐੱਸ.ਪੀ.
– ਸਪੀਕਰ ਸੰਧਵਾਂ ਦੀਆਂ ਹਦਾਇਤਾਂ ’ਤੇ ਕਰਵਾਇਆ ਗਿਆ ਨਸ਼ਾ ਵਿਰੋਧੀ ਸੈਮੀਨਾਰ
ਫਰੀਦਕੋਟ 7 ਅਕਤੂਬਰ (ਪੰਜਾਬ ਡਾਇਰੀ)- ਨਸ਼ਾ ਤਸਕਰੀ ਅਤੇ ਨਸ਼ਾ ਛੁਡਾਉਣ ਸਬੰਧੀ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਜਾਰੀ ਕੀਤੀ ਗਈ ਹੈਲਪਲਾਈਨ ਵਾਲੇ ਦੋ ਮੋਬਾਇਲ ਨੰਬਰ ਕ੍ਰਮਵਾਰ 75270-29029 ਅਤੇ 99152-50052 ਰਾਹੀਂ ਤੁਸੀਂ ਬਣਦਾ ਸਹਿਯੋਗ ਲੈ ਸਕਦੇ ਹੋ। ਸਥਾਨਕ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੇ ਸੰਬੋਧਨ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਸ੍ਰ ਹਰਜੀਤ ਸਿੰਘ ਐੱਸਐੱਸਪੀ ਫਰੀਦਕੋਟ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੁੱਛੇ ਗਏ ਕਈ ਸੁਆਲਾਂ ਦਾ ਜੁਆਬ ਵੀ ਦਿੱਤਾ।
ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਵੀ ਨਸ਼ੇ ਨੂੰ ਸਮਾਜਿਕ ਬੁਰਾਈ ਮੰਨਦਿਆਂ ਆਖਿਆ ਕਿ ਨਸ਼ੇੜੀ ਲੜਕੇ ਜਾਂ ਵਿਅਕਤੀ ਨਾਲ ਨਫਰਤ ਦੀ ਬਜਾਇ ਉਹਨਾ ਉੱਪਰ ਤਰਸ ਕਰਨ ਦੀ ਲੋੜ ਹੈ। ਉਹਨਾ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਨਸ਼ੇ ਦੇ ਮੁਕੰਮਲ ਖਾਤਮੇ ਲਈ ਯਤਨਸ਼ੀਲ ਹਨ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਨੇ ਨਸ਼ੇ ਦੇ ਮੁਕੰਮਲ ਖਾਤਮੇ ਲਈ ਬਾਬਾ ਫਰੀਦ ਨਰਸਿੰਗ ਕਾਲਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਸੰਖੇਪ ਵਿੱਚ ਵਰਨਣ ਕੀਤਾ।
ਉਹਨਾ ਮੈਡੀਕਲ ਪੱਖ ਤੋਂ ਨਸ਼ੇ ਨਾਲ ਹੋਣ ਵਾਲੇ ਸਰੀਰਕ ਨੁਕਸਾਨਾ ਬਾਰੇ ਵੀ ਨੁਕਤੇਵਾਰ ਗੱਲ ਸਾਂਝੀ ਕੀਤੀ। ਬਤੌਰ ਮੁੱਖ ਵਕਤਾ ਵਜੋਂ ਪੁੱਜੇ ਭਾਈ ਰਣਜੀਤ ਸਿੰਘ ਵਾੜਾਦਰਾਕਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਨਸ਼ਿਆਂ ਦੀ ਸ਼ੁਰੂਆਤ, ਸਾਜਿਸ਼, ਰਣਨੀਤੀ, ਸਮੱਸਿਆ, ਮੁਕੰਮਲ ਖਾਤਮੇ ਸਬੰਧੀ ਵੱਖ-ਵੱਖ ਨੁਕਤਿਆਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਕਿਸੇ ਵੀ ਸਮਾਜਿਕ ਕੁਰੀਤੀ ਦੇ ਖਾਤਮੇ ਲਈ ਸਮੇਂ ਦੀਆਂ ਸਰਕਾਰਾਂ, ਜਿਲਾ ਪ੍ਰਸ਼ਾਸ਼ਨ, ਐਨ.ਜੀ.ਓ. ਸਮੇਤ ਆਮ ਲੋਕਾਂ ਨੂੰ ਵੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਨਹੀਂ, ਬਲਕਿ ਅਣਖੀਲੇ ਅਤੇ ਜਾਗਦੀ ਜਮੀਰ ਵਾਲੇ ਪੰਜਾਬੀ ਨੋਜਵਾਨਾ ਦੀ ਅਣਖ, ਗੈਰਤ ਅਤੇ ਜਮੀਰ ਮਾਰਨਾ ਵੀ ਉਹਨਾ ਦੀ ਨਸ਼ੇ ਫੈਲਾਉਣ ਦੀ ਰਣਨੀਤੀ ਦਾ ਇਕ ਹਿੱਸਾ ਹੈ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਲਜ ਦੇ ਪਿ੍ਰੰਸੀਪਲ ਮੈਡਮ ਗੁਰਜੀਤ ਕੌਰ ਬਰਾੜ ਸਮੇਤ ਬੂਟਾ ਸਿੰਘ ਗਿੱਲ ਡੀਐੱਸਪੀ ਫਰੀਦਕੋਟ, ਇੰਸ. ਗੁਰਮੇਹਰ ਸਿੰਘ ਸਿੱਧੂ ਐੱਸਐੱਚਓ ਥਾਣਾ ਸਿਟੀ ਕੋਟਕਪੂਰਾ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ, ਜਗਸੀਰ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਪੱਪੂ ਲਹੌਰੀਆ ਚੇਅਰਮੈਨ ਗੁੱਡ ਮੌਰਨਿੰਗ ਕਲੱਬ, ਹਰਪਾਲ ਸਿੰਘ ਪਾਲੀ ਚੇਅਰਮੈਨ ਬਾਬਾ ਫਰੀਦ ਬਾਸਕਿਟਬਾਲ ਕਲੱਬ ਸਮੇਤ ਅਨੇਕਾਂ ਸ਼ਖਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।