Big News- ਹੁਣ ਪੀ.ਜੀ.ਆਈ. ਵਿਚ ਗਰੀਬ ਪਰਿਵਾਰ ਮੁੜ ਤੋਂ 5 ਲੱਖ ਰੁਪਏ ਤੱਕ ਦਾ ਫਰੀ ਇਲਾਜ ਕਰਵਾ ਸਕਦੇ ਹੈ: ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ
ਚੰਡੀਗੜ, 4 ਅਗਸਤ – (ਪੰਜਾਬ ਡਾਇਰੀ) ਆਯੂਸ਼ਮਾਨ ਸਕੀਮ ਅਧੀਨ ਆਉਂਦੇ ਗਰੀਬ ਪਰਿਵਾਰ ਦੇ ਲੋਕ ਆਪਣਾ 5 ਲੱਖ ਤੱਕ ਦਾ ਇਲਾਜ ਫਰੀ ਕਰਵਾ ਸਕਦੇ ਹਨ। ਪਰ ਬੀਤੇ ਦਿਨੀ ਚੰਡੀਗੜ ਦੇ ਪੀ. ਜੀ. ਆਈ. ਪ੍ਰਬੰਧਨ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ। ਪੀ. ਜੀ. ਆਈ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੀਮ ਤਹਿਤ ਹੋਏ ਇਲਾਜਾਂ ਦੀ ਤਕਰੀਬਨ 16 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਉਹਨਾਂ ਨੂੰ ਇਲਾਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ।
ਪੀ. ਜੀ. ਆਈ. ਵੱਲੋਂ ਇਲਾਜ ਬੰਦ ਕਰਨ ਦੀਆਂ ਖਬਰਾਂ ਨੂੰ ਲੈ ਕੇ ਮਰੀਜ਼ਾਂ ਦੇ ਪਰਿਵਾਰਾਂ ਅਤੇ ਪੰਜਾਬ ਦੇ ਲੋਕਾਂ ਵਿਚ ਰੋਸ ਪਾਇਆ ਗਿਆ ਅਤੇ ਸੋਸ਼ਲ ਮੀਡੀਆਂ ‘ਤੇ ਵੀ ਇਸਨੂੰ ਲੈ ਕੇ ਪੰਜਾਬ ਸਰਕਾਰ ਦੀ ਖੂਬ ਭੰਡੀ ਹੋਈ। ਵਿਰੋਧੀ ਧਿਰਾਂ ਵੱਲੋਂ ਵੀ ਪੰਜਾਬ ਸਰਕਾਰ ਉੱਤੇ ਕਈ ਸਵਾਲ ਚੁੱਕੇ ਗਏ।
ਪੀ. ਜੀ. ਆਈ. ਵਿਚ ਆਯੂਸ਼ਮਾਨ ਸਕੀਮ ਅਧੀਨ ਆਉਂਦੇ ਪੰਜਾਬ ਦੇ ਲੋਕਾਂ ਦਾ ਇਲਾਜ ਬੰਦ ਦੀਆਂ ਚਰਚਾਵਾਂ ਵਿਚਾਲੇ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੀ. ਜੀ. ਆਈ. ਸਮੇਤ ਸਾਰੀਆਂ ਸਿਹਤ ਸੰਸਥਾਵਾਂ ਦੇ ਬਕਾਏ ਕਲੀਅਰ ਕਰਨ ਲਈ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਸਕੀਮ ਅਧੀਨ ਆਉਂਦੇ ਮਰੀਜ਼ ਇਸਦਾ ਲਾਭ ਉੱਠਾ ਸਕਣਗੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਤਹਿਤ ਜਿਸ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ ਉਸਨੂੰ ਪਿਛਲੀ ਸਰਕਾਰ ਨੇ ਦਸੰਬਰ 2021 ਵਿਚ ਖਤਮ ਕਰ ਦਿੱਤਾ ਸੀ।