Breaking- ਮੈਸ: ਬ੍ਰਿਜ ਲਾਲ ਪ੍ਰਿੰਸ ਕੁਮਾਰ, ਜੈਤੋਂ ਦੇ ਖਾਦਾਂ ਅਤੇ ਦਵਾਈਆਂ ਦੇ ਲਾਇੰਸਸ ਕੀਤੇ ਮੁਅੱਤਲ, ਖਾਦ ਦੇ ਤਿੰਨ ਅਤੇ ਦਵਾਈਆ ਦਾ ਇੱਕ ਸੈਂਪਲ ਭਰਿਆ।
ਫਰੀਦਕੋਟ, 2 ਸਤੰਬਰ – (ਪੰਜਾਬ ਡਾਇਰੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਫਰੀਦਕੋਟ ਦੀ ਫਲਾਇੰਗ ਸਕੂਏਡ ਟੀਮ ਵੱਲੋਂ ਡਾ: ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਕੀਟ-ਨਾਸ਼ਕ ਅਤੇ ਖਾਦ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਅਤੇ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਮੈਸ: ਬ੍ਰਿਜ ਲਾਲ ਪ੍ਰਿੰਸ ਕੁਮਾਰ ਜੈਤੋ ਦੇ ਖਾਦ ਦੇ ਰੀਟੇਲ ਅਤੇ ਹੋਲਸੇਲ ਗੋਦਾਮਾਂ ਦੀ ਚੈਕਿੰਗ ਕਰਦਿਆਂ ਪਤਾ ਲੱਗਾ ਕਿ ਨਕਸ਼ਿਆਂ ਅਨੁਸਾਰ ਗੋਦਾਮਾਂ ਦਾ ਕਾਫੀ ਭਾਗ ਅਣ-ਅਧਿਕਾਰਿਤ ਹੈ ਅਤੇ ਇਸ ਵਿਚ ਪਈਆਂ ਖਾਦਾਂ ਅਤੇ ਦਵਾਈਆਂ ਦਾ ਸਟਾਕ ਨੋਟ ਕਰਕੇ ਇਸ ਦੀ ਸੇਲ ਮੌਕੇ ਤੇ ਹੀ ਬੰਦ ਕਰ ਦਿੱਤੀ ਗਈ। ਇਸ ਤੋਂ ਬਿਨਾਂ ਖਾਦਾਂ ਅਤੇ ਦਵਾਈਆ ਦੇ ਬਹੁਤ ਪ੍ਰੋਡਕਟ ਬਿਨਾਂ ਅਧਿਕਾਰ-ਪੱਤਰ ਦਰਜ ਕਰਵਾਏ ਵੇਚੇ ਜਾ ਰਹੇ ਸਨ, ਸਟਾਕ ਰਜਿਸਟਰ ਆਪਣੀ ਮਰਜ਼ੀ ਨਾਲ ਹੀ ਲਗਾਏ ਹੋਏ ਸਨ(ਜਿਨ੍ਹਾਂ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ), ਕਿਸਾਨਾਂ ਨੂੰ ਕੰਪਿਊਟਰਾਈਜ਼ਡ ਬਿੱਲ ਦਿੱਤੇ ਜਾ ਰਹੇ ਸਨ (ਜਿੰਨਾਂ ਦੀ ਵਿਭਾਗ ਵੱਲੋਂ ਕੋਈ ਪ੍ਰਵਾਨਗੀ ਨਹੀਂ ਗਈ), ਸਟਾਕ ਬੋਰਡ ਨਹੀਂ ਲੱਗੇ ਸਨ, ਰਿਕਾਰਡ ਅਤੇ ਮੌਜੂਦ ਸਟਾਕ ਦਾ ਆਪਸ ਵਿਚ ਕੋਈ ਮੇਲ ਨਹੀਂ ਸੀ, ਬਿੱਲਾਂ ਤੇ ਕਿਸੇ ਕਿਸਾਨ ਦੇ ਦਸਤਖਤ ਨਹੀਂ ਕਰਵਾਏ ਗਏ, ਵਿਭਾਗ ਨੂੰ ਕੋਈ ਮਹੀਨਾਵਾਰ ਰਿਪੋਰਟ ਨਹੀਂ ਦਿੱਤੀ ਗਈ। ਇਹਨਾਂ ਸਾਰੀਆਂ ਊਣਤਾਈਆਂ ਅਨੁਸਾਰ ਕਾਰਵਾਈ ਕਰਦਿਆਂ ਮੈਸ: ਬ੍ਰਿਜ ਲਾਲ ਪ੍ਰਿੰਸ ਕੁਮਾਰ ਦਾ ਖਾਦ ਕੰਟਰੋਲ ਹੁਕਮ 1985 ਤਹਿਤ ਖਾਦਾਂ (ਰੀਟੇਲ ਅਤੇ ਹੋਲਸੇਲ) ਦਾ ਲਾਇਸੰਸ 21 ਦਿਨ ਲਈ ਅਤੇ ਇਨਸੈਕਟੀਸਾਈਡਜ਼ ਐਕਟ 1968 ਤਹਿਤ ਦਵਾਈਆਂ ਦਾ ਲਾਇਸੰਸ 30 ਦਿਨ ਲਈ ਮੁੱਅਤਲ ਕਰ ਦਿੱਤੇ ਗਏ ਹਨ।
ਫਲਾਇੰਸ ਸਕੂਐਡ ਦੇ ਇੰਜਾਰਜ ਡਾ: ਕੁਲਵੰਤ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ: ਗੁਰਪ੍ਰੀਤ ਸਿੰਘ, ਖੇਤੀ ਵਿਕਾਸ ਅਫਸਰ ਜੈਤੋ ਡਾ: ਨਿਸ਼ਾਨ ਸਿੰਘ, ਖੇਤੀ ਵਿਕਾਸ ਅਫਸਰ (ਇਨਫੋਰਸਮੈਂਟ) ਡਾ: ਅਰਸ਼ਦੀਪ ਕੌਰ, ਖੇਤੀ ਵਿਕਾਸ ਅਫਸਰ ਡਾ: ਰੁਪਿੰਦਰ ਸਿੰਘ, ਖੇਤੀ ਵਿਕਾਸ ਅਫਸਰ ਡਾ: ਨਵਪ੍ਰੀਤ ਸਿੰਘ (ਪੀਪੀ), ਡਾ: ਕੁਲਦੀਪ ਸੇਖੋਂ ਖੇਤੀ ਵਿਕਾਸ ਅਫਸਰ ਅਤੇ ਡਾ: ਰਣਬੀਰ ਸਿੰਘ ਖੇਤੀ ਵਿਕਾਸ ਅਫਸਰ ਵੱਲੋਂ ਕਾਰਵਾਈ ਕਰਦਿਆਂ ਇਸ ਫਰਮ ਦੇ ਖਾਦਾਂ ਦੇ ਤਿੰਨ ਸੈਂਪਲ ਅਤੇ ਦਵਾਈਆ ਦਾ ਇੱਕ ਸੈਂਪਲ ਭਰਿਆ ਗਿਆ, ਜਿੰਨਾਂ ਨੂੰ ਟੈਸਟ ਕਰਵਾਉਣ ਲਈ ਲੈਬਾਰਟਰੀਆਂ ਨੂੰ ਭੇਜ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੈਤੋ ਦੇ ਮੈਂਬਰ ਅਤੇ ਪ੍ਰੈੱਸ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੁਕੰਮਲ ਕਾਰਵਾਈ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।