Breaking-ਵੱਧ ਤੋਂ ਵੱਧ ਦੁਕਾਨਾਂ ਤੇ ਵਿਕਰੀ ਲਈ ਸਕੂਲ ਦੀਆਂ ਕਿਤਾਬਾਂ ਮੁਹੱਈਆ ਕਰਵਾਉਣ ਸਕੂਲ ਮੁੱਖੀ- ਤੁਸ਼ਿਤਾ ਗੁਲਾਟੀ
ਅਮਲ ਨਾ ਕਰਨ ਤੇ ਨਿਯਮਾਂ ਅਨੁਸਾਰ ਹੋਵੇਗੀ ਸਖਤ ਕਾਰਵਾਈ
ਸ਼ਿਕਾਇਤ ਸੈੱਲ ਦੇ ਨੰਬਰ ਤੇ ਵੱਟਸਅੱਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਸ਼ਿਕਾਇਤ
ਫਰੀਦਕੋਟ, 1 ਮਾਰਚ – (ਪੰਜਾਬ ਡਾਇਰੀ) ਮੁੱਖ ਮੰਤਰੀ ਖੇਤਰੀ ਅਫਸਰ ਤੁਸ਼ਿਤਾ ਗੁਲਾਟੀ ਪੀ.ਸੀ.ਐਸ. ਨੇ ਸਖਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਕੂਲ ਮੁੱਖੀ ਸਕੂਲ ਦੀਆਂ ਕਿਤਾਬਾਂ ਵੱਧ ਤੋਂ ਵੱਧ ਦੁਕਾਨਾਂ ਤੇ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਦੀ ਵਿਕਰੀ ਸਬੰਧੀ ਇੱਕ ਦੁਕਾਨਦਾਰ ਨੂੰ ਨਿਰਧਾਰਤ ਕੀਤਾ ਹੋਇਆ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ।ਇਸ ਲਈ ਸਮੂਹ ਸਕੂਲ ਮੁੱਖੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਕੂਲ ਦੀਆਂ ਕਿਤਾਬਾਂ ਵੱਧ ਤੋਂ ਵੱਧ ਦੁਕਾਨਾਂ ਤੇ ਉਪਲਬਧ ਹੋਣ ਤਾਂ ਜੋ ਬੱਚਿਆਂ ਦੇ ਮਾਪੇ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਦੁਕਾਨ ਤੋਂ ਬੱਚਿਆਂ ਲਈ ਕਿਤਾਬਾਂ ਖਰੀਦ ਸਕਣ।
ਉਨ੍ਹਾਂ ਦੱਸਿਆ ਕਿ ਜੇਕਰ ਸਕੂਲ ਮੁੱਖੀ ਇੱਕ ਤੋਂ ਵੱਧ ਦੁਕਾਨਾਂ ਤੇ ਕਿਤਾਬਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਨਹੀਂ ਬਣਾਉਂਦਾ ਤਾਂ ਇਸ ਸਬੰਧੀ ਸ਼ਿਕਾਇਤ ਪ੍ਰਸ਼ਾਸ਼ਨੀ ਸ਼ਿਕਾਇਤ ਸੈੱਲ ਦੇ ਹੈਲਪਲਾਈਨ ਨੰਬਰ 94658-24960 ਤੇ ਵੱਟਸਅੱਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਸਕੂਲ ਮੁੱਖੀ ਦੇ ਖਿਲਾਫ ਸੰਵਿਧਾਨਿਕ ਨਿਯਮਾਂ ਦੇ ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।