Breaking- ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਿਸ਼ਵ-ਵਿਆਪੀ ਖੂਨਦਾਨ ਮੁਹਿੰਮ ਦਾ ਆਯੋਜਨ
ਫਰੀਦਕੋਟ, 20 ਅਪ੍ਰੈਲ – (ਪੰਜਾਬ ਡਾਇਰੀ) ਮਨੁੱਖਤਾ ਦੇ ਮਸੀਹਾ ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 24 ਅਪ੍ਰੈਲ ਦਾ ਦਿਹਾੜਾ ‘ਮਾਨਵ ਏਕਤਾ ਦਿਵਸ’ ਵੱਜੋਂ ਸਮੁੱਚੇ ਨਿਰੰਕਾਰੀ ਜਗਤ ਵੱਲੋਂ ਭਾਰਤ-ਵਰਸ਼ ਅਤੇ ਦੂਰ-ਦੁਰਾਡੇ ਦੇਸ਼ਾਂ ਵਿੱਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਭਾਰਤ ਵਿੱਚ ਸਥਾਪਿਤ ਨਿਰੰਕਾਰੀ ਮਿਸ਼ਨ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਦੇ ਨਾਲ-ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਖੂਨਦਾਨ ਕੈਂਪ ਵਰਗੀ ਮਹਾਨ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਾਰੇ ਖੂਨਦਾਨੀ ਸਵੈ-ਇੱਛਾ ਨਾਲ ਮਨੁੱਖਤਾ ਦੀ ਭਲਾਈ ਲਈ ਸ਼ਾਮਲ ਹੋ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਖੂਨਦਾਨ ਕਰਨਗੇ।
ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਫਰੀਦਕੋਟ ਵਿਖੇ ਫ਼ਿਰੋਜ਼ਪੁਰ ਜ਼ੋਨ ਦੇ ਜੋਨਲ ਇੰਚਾਰਜ਼ ਐੱਨ ਐੱਸ ਗਿੱਲ ਜੀ ਅਤੇ ਫਰੀਦਕੋਟ ਬਰਾਂਚ ਦੇ ਸੰਯੋਜਕ ਸੰਪੂਰਨ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਅਪ੍ਰੈਲ 2023 ਨੂੰ ਮਾਨਵ ਏਕਤਾ ਦਿਵਸ ਮੌਕੇ ਫਿਰੋਜ਼ਪੁਰ ਜ਼ੋਨ ਦੀਆਂ ਬ੍ਰਾਂਚਾਂ ਕੋਟਕਪੂਰਾ, ਬਰੀਵਾਲਾ ਅਤੇ ਜ਼ੀਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿਚ ਨਾਲ ਲਗਦੀਆਂ ਬ੍ਰਾਂਚਾਂ, ਪਿੰਡਾਂ ਆਦਿ ਦੇ ਸੇਵਾਦਾਰ ਵੀ ਪਹੁੰਚ ਕੇ ਖ਼ੂਨਦਾਨ ਕਰਨ ਵਿੱਚ ਮਹਾਨ ਯੋਗਦਾਨ ਪਾਉਣਗੇ।
ਜਿਵੇਂ ਪਤਾ ਹੀ ਹੈ ਕਿ ਬਾਬਾ ਗੁਰਬਚਨ ਸਿੰਘ ਜੀ ਨੇ ਸੱਚ ਨੂੰ ਅਨੁਭਵ ਕਰਕੇ ਮਨੁੱਖਾ ਜੀਵਨ ਨੂੰ ਹਰ ਤਰ੍ਹਾਂ ਦੇ ਭਰਮਾਂ ਤੋਂ ਮੁਕਤ ਕੀਤਾ। ਇਸਦੇ ਨਾਲ ਹੀ ਸਮਾਜ ਦੀ ਉੱਨਤੀ ਲਈ ਕਈ ਭਲਾਈ ਸਕੀਮਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਸਾਦਾ ਵਿਆਹ, ਨਸ਼ਾ ਮੁਕਤੀ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਸ ਦੌਰ ਤੋਂ ਬਾਅਦ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਣਾਦਾਇਕ ਸੰਦੇਸ਼ ‘ਖ਼ੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ, ਨਾਂ ਕਿ ਨਾਲੀਆਂ ਵਿੱਚ’ ਰਾਹੀਂ ਸਮੂਹ ਸੰਗਤਾਂ ਨੂੰ ਇੱਕ ਨਵੀਂ ਸਕਾਰਾਤਮਕ ਸੇਧ ਮਿਲੀ। ਹਰ ਨਿਰੰਕਾਰੀ ਸ਼ਰਧਾਲੂ ਮਨੁੱਖਤਾ ਦੇ ਭਲੇ ਲਈ ਉਸੇ ਪ੍ਰੇਰਣਾਦਾਇਕ ਸੰਦੇਸ਼ ਨੂੰ ਜੀਵਤ ਰੂਪ ਵਿਚ ਅਪਣਾ ਕੇ ਲੋਕ ਭਲਾਈ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਪ੍ਰੋਗਰਾਮ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਸਥਾਪਿਤ ਸੰਤ ਨਿਰੰਕਾਰੀ ਮਿਸ਼ਨ ਦੇ 99 ਜ਼ੋਨਾਂ ਦੀਆਂ ਲਗਭਗ ਸਾਰੀਆਂ ਸ਼ਾਖਾਵਾਂ ਵਿੱਚ ਇਹ ਮੈਗਾ-ਮੁਹਿੰਮ ਚਲਾਈ ਜਾਵੇਗੀ। ਇਨ੍ਹਾਂ ਸਾਰੇ ਖੂਨਦਾਨ ਕੈਂਪਾਂ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਚੈਕ-ਅੱਪ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪੁਖਤਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਸਰਕਾਰੀ ਹਸਪਤਾਲਾਂ ਤੋਂ ਯੋਗ ਅਤੇ ਸਿਖਲਾਈ ਪ੍ਰਾਪਤ ਟੀਮਾਂ ਖੂਨਦਾਨ ਕੈਂਪਾਂ ਵਿੱਚ ਖੂਨ ਇਕੱਠਾ ਕਰਨ ਲਈ ਆਉਣਗੀਆਂ।
ਨਿਸ਼ਚਿਤ ਰੂਪ ਵਿੱਚ ਲੋਕ ਕਲਿਆਣ ਲਈ ਚਲਾਇਆ ਗਿਆ ਇਹ ਮਹਾਂ-ਅਭਿਆਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸੇਵਾ ਪ੍ਰਤੀ ਸਿੱਖਿਆਵਾਂ ਨੂੰ ਦਰਸਾਉਂਦੇ ਹੋਏ ਏਕੱਤਵ ਅਤੇ ਮਾਨਵਤਾ ਦਾ ਦੈਵੀ ਸੰਦੇਸ਼ ਫੈਲਾ ਰਿਹਾ ਹੈ, ਜਿਸ ਵਿੱਚ ਨਿਰੰਕਾਰੀ ਜਗਤ ਦਾ ਹਰ ਪ੍ਰਾਣੀ ਪ੍ਰੇਰਣਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਿਹਾ ਹੈ।