ਫਿਰੋਜਪੁਰ ਜੋਨ ਦਾ ਜ਼ੋਨਲ ਇੰਗਲਿਸ਼ ਮੀਡੀਅਮ ਨਿਰੰਕਾਰੀ ਸੰਤ ਸਮਾਗਮ ਫਰੀਦਕੋਟ ਵਿਖੇ ਸ਼ਰਧਾਪੂਰਵਕ ਕਰਵਾਇਆ
ਫਰੀਦਕੋਟ, 11 ਸਤੰਬਰ (ਪੰਜਾਬ ਡਾਇਰੀ)- ਫਿਰੋਜਪੁਰ ਜੋਨ ਦਾ ਜ਼ੋਨਲ ਇੰਗਲਿਸ਼ ਮੀਡੀਅਮ ਨਿਰੰਕਾਰੀ ਸੰਤ ਸਮਾਗਮ ਜੋਨਲ ਇੰਚਾਰਜ ਫਿਰੋਜਪੁਰ ਐਨ.ਐਸ.ਗਿੱਲ ਜੀ ਦੀ ਦੇਖ ਰੇਖ ਹੇਠ ਅਤੇ ਪ੍ਰਚਾਰਕ ਮਹਾਤਮਾ ਅਜੇ ਗੁਪਤਾ ਜੀ ਗੋਬਿੰਦਗੜ੍ਹ ਮੰਡੀ ਦੀ ਅਗਵਾਈ ਹੇਠ ਸੰਤ ਨਿਰੰਕਾਰੀ ਸਤਿਸੰਗ ਭਵਨ ਫਰੀਦਕੋਟ ਵਿਖੇ ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਸਮਾਗਮ ਵਿੱਚ ਫਿਰੋਜ਼ਪੁਰ ਜੋਨ ਨਾਲ ਸਬੰਧਤ ਤਿੰਨ ਜ਼ਿਲ੍ਹਿਆਂ ਫਰੀਦਕੋਟ, ਫਿਰੋਜਪੁਰ ਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਬਰਾਂਚਾ ਦੇ ਸ਼ਰਧਾਲੂਆਂ ਨੇ ਭਾਗ ਲਿਆ।
ਇਸ ਸਮਾਗਮ ਵਿੱਚ ਸਾਰੇ ਹੀ ਬੱਚਿਆਂ ਨੇ ਅੰਗਰੇਜੀ ਭਾਸ਼ਾ ਵਿੱਚ ਗੁਰਮਤ ਨਾਲ ਸਬੰਧਤ ਗੀਤ, ਸੰਗੀਤ, ਵਿਚਾਰ, ਸਕਿੱਟਾਂ, ਕਵਿਤਾ, ਸ਼ਬਦਾਂ ਆਦਿ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਦਿੰਦਿਆਂ ਮੁੱਖ ਮਹਿਮਾਨ ਅਜੇ ਗੁਪਤਾ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਫਰਮਾਇਆ ਕਿ ਜਿਸ ਤਰ੍ਹਾਂ ਪਾਣੀ ਹਮੇਸ਼ਾ ਆਪਣੇ ਫਲੋ ਨਾਲ ਉੱਪਰ ਤੋਂ ਹੇਠਾਂ ਵੱਲ ਨੀਵੇਂ ਪਾਸੇ ਹੀ ਵਗਦਾ ਹੈ ਤੇ ਆਪਣੀ ਸਹੀ ਮੰਜਿਲ ਤੇ ਪਹੁੰਚ ਜਾਂਦਾ ਹੈ।
ਉਸੇ ਤਰ੍ਹਾਂ ਜੋ ਇਨਸਾਨ ਆਪਣੇ ਹੰਕਾਰ ਨੂੰ ਮਿਟਾ ਕੇ ਜੀਵਣ ਵਿੱਚ ਨੀਵਾਂ ਹੋਕੇ ਚੱਲਦਾ ਹੈ ਉਹ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਲੈਂਦਾ ਹੈ ਤੇ ਆਪਣੇ ਉਦੇਸ਼ ਦੀ ਪੂਰਤੀ ਕਰਦੇ ਹੋਏ ਮੰਜਿਲ ਵੀ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ। ਉਹ ਇਨਸਾਨ ਭਾਗਾਂ ਵਾਲੇ ਹਨ ਜਿੰਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਕਿ੍ਰਪਾ ਨਾਲ ਪ੍ਰਮਾਤਮਾ ਦੀ ਜਾਣਕਾਰੀ ਹੋ ਚੁੱਕੀ ਹੈ। ਇਨਸਾਨੀ ਜੀਵਣ ਦਾ ਅਸਲੀ ਮਕਸਦ ਹੀ ਪ੍ਰਮਾਤਮਾ ਦੀ ਜਾਣਕਾਰੀ ਹਾਸਲ ਕਰਨਾ ਹੁੰਦਾ ਹੈ ਇਸ ਲਈ ਹਰ ਪ੍ਰਾਣੀ ਨੂੰ ਪੂਰੇ ਸਤਿਗੁਰੂ ਦੀ ਭਾਲ ਕਰਕੇ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਜਰੂਰ ਹਾਸਲ ਕਰਨੀ ਚਾਹੀਦੀ ਹੈ ਤਾਂ ਕਿ ਉਸਦਾ ਇਨਸਾਨੀ ਜੀਵਣ ਸਫ਼ਲ ਹੋ ਸਕੇ।
ਉਹਨਾਂ ਅੱਗੇ ਫਰਮਾਇਆ ਕਿ ਸਾਨੂੰ ਹਮੇਸ਼ਾ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਚੇਹਰੇ ਤੇ ਮੁਸਕਾਨ ਰੱਖਣੀ ਚਾਹੀਦੀ ਹੈ, ਕੋਈ ਵੀ ਗੱਲ ਸੋਚ ਸਮਝ ਕੇ ਬੋਲਣੀ ਚਾਹੀਦੀ ਹੈ, ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ। ਉਹਨਾਂ ਇਹ ਵੀ ਸਮਝਾਇਆ ਕਿ ਮਾਤਾ ਪਿਤਾ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਡਾਂਟਦੇ ਸਗੋਂ ਉਹ ਬੱਚਿਆਂ ਦੀ ਗਲਤੀ ਨੂੰ ਡਾਂਟਦੇ ਹਨ ਤਾਂ ਕਿ ਬੱਚੇ ਚੰਗੇ ਸਿਆਣੇ ਇਨਸਾਨ ਬਣ ਸਕਣ।
ਅੱਜ ਸਮੇਂ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸਾਨੂੰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਚੰਗੇ ਇਨਸਾਨ ਬਣਨ ਲਈ ਜੀਵਣ ਜਿਉਣ ਦੀ ਜੁਗਤੀ ਸਿਖਾ ਰਹੇ ਹਨ। ਸਮਾਗਮ ਦੇ ਅੰਤ ਵਿੱਚ ਜੋਨਲ ਇੰਚਾਰਜ ਐਨ ਐਸ ਗਿੱਲ ਜੀ ਅਤੇ ਫਰੀਦਕੋਟ ਬਰਾਂਚ ਦੇ ਸੰਯੋਜਕ ਸੰਪੂਰਨ ਸਿੰਘ ਜੀ ਨੇ ਸਾਰੇ ਹੀ ਮਹਿਮਾਨਾਂ ਅਤੇ ਸੰਗਤਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਅਤੇ ਸ਼ਾਨਦਾਰ ਆਈਟਮਾਂ ਪੇਸ਼ ਕਰਨ ਵਾਲੇ ਬੱਚਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।