Breaking- ਫਰੀਦਕੋਟ ਜ਼ਿਲ੍ਹੇ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ; ਜ਼ਿਲ੍ਹੇ ਦੇ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ- ਜਿੰਪਾ
ਕੈਬਨਿਟ ਮੰਤਰੀ ਜਿੰਪਾ ਤੇ ਡੀ.ਸੀ. ਨੇ ਵਿਲੱਖਣ ਪ੍ਰਾਪਤੀ ਲਈ ਅਧਿਕਾਰੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ
ਫਰੀਦਕੋਟ, 7 ਸਤੰਬਰ – (ਪੰਜਾਬ ਡਾਇਰੀ) ਫਰੀਦਕੋਟ ਜ਼ਿਲ੍ਹੇ ਨੇ ਪੰਜਾਬ ਦੀ ਝੋਲੀ ਇਕ ਮਾਣਮੱਤੀ ਪ੍ਰਾਪਤੀ ਪਾਈ ਹੈ। ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਜ਼ਿਲ੍ਹੇ ਦੇ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿਚ ਦੇਸ਼ ਦੇ ਸਿਖਰਲੇ ਜਿਲਿਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਵਾਸੀਆਂ ਅਤੇ ਜ਼ਿਲ੍ਹੇ ਦੇ ਲੋਕ ਨੁਮਾਇੰਦਿਆਂ ਨੂੰ ਮੁਬਾਰਕਵਾਦ ਦਿੱਤੀ ਹੈ ਜਿਨ੍ਹਾਂ ਨੇ ਇਸ ਟੀਚੇ ਨੂੰ ਸਰ ਕਰਨ ਵਿਚ ਯੋਗਦਾਨ ਪਾਇਆ ਹੈ। ਪੰਜਾਬ ਦੀ ਇਸ ਪ੍ਰਾਪਤੀ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਟਵੀਟ ਰਾਹੀਂ ਵਧਾਈ ਦਿੱਤੀ ਹੈ।
ਇਸ ਵਿਲੱਖਣ ਪ੍ਰਾਪਤੀ ਬਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਾਈਪਾਂ ਰਾਹੀਂ 100 ਫੀਸਦੀ ਪੇਂਡੂ ਵਸੋਂ ਨੂੰ ਸਾਫ ਪਾਣੀ ਪਹੁੰਚਾਉਣ ਵਾਲੇ ਦੇਸ਼ ਭਰ ਵਿਚ 9 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਅਤੇ ਫਰੀਦਕੋਟ ਨੇ ਇਨ੍ਹਾਂ 9 ਜ਼ਿਲ੍ਹਿਆਂ ਦੀ ਸੂਚੀ ਵਿਚ ਆਪਣੀ ਜਗ੍ਹਾਂ ਬਣਾਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਸੀਂ ਦਸੰਬਰ 2022 ਤੱਕ ਪੰਜਾਬ ਵਿਚ 100 ਫੀਸਦੀ ਜਲ ਸਪਲਾਈ ਦਾ ਟੀਚਾ ਮਿੱਥਿਆ ਹੈ ਜਦਕਿ ਕੌਮੀ ਟੀਚਾ 2024 ਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿਵੇਂ ਆਂਗਨਵਾੜੀ ਕੇਂਦਰਾਂ, ਪੰਚਾਇਤਾਂ, ਡਿਸਪੈਂਸਰੀਆਂ, ਸਕੂਲਾਂ ਆਦਿ ਨੂੰ ਵੀ ਪਾਈਪ ਰਾਹੀਂ ਪਾਣੀ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਸ ਮੌਕੇ ਕਿਹਾ ਕਿ ਇਸ ਪ੍ਰਾਪਤੀ ਲਈ ਜਿਲੇ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਬਾਕੀ ਵਿਭਾਗਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਟੀਚਿਆ ਦੀ ਪ੍ਰਾਪਤੀ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ 78 ਹਜ਼ਾਰ 408 ਘਰਾਂ ਦੀ 4 ਲੱਖ 9 ਹਜ਼ਾਰ ਪੇਂਡੂ ਆਬਾਦੀ ਲਈ ਟੂਟੀਆਂ ਜ਼ਰੀਏ ਸਾਫ ਤੇ ਸੁਰੱਖਿਅਤ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਜਿਸ ਸਦਕਾ ਜ਼ਿਲ੍ਹੇ ਨੂੰ ਕੌਮੀ ਪੱਧਰ ‘ਤੇ ਪਛਾਣ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ‘ਜਲ ਜੀਵਨ ਮਿਸ਼ਨ’ ਦੇ ਤਹਿਤ ਜਿਲੇ ਦੇ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਪੀਣ ਵਾਲੇ ਪਾਣੀ ਦੀ 100 ਫੀਸਦੀ ਜਲ ਸਪਲਾਈ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ। ਉਨ੍ਹਾਂ ਇਸ ਕੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ /ਕਰਮਚਾਰੀਆਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।